ਭਾਵੇਂ ਰਾਜਨੀਤੀ ਅਤੇ ਕਲਾ ਦਾ ਕੋਈ ਮੇਲ ਨਹੀਂ, ਬਾਵਜੂਦ ਇਸ ਦੇ ਰਾਜਨੀਤੀ ਦੀ ਚਕਾਚੌਂਧ ਨੇ ਹਰ ਬਸ਼ਰ ਨੂੰ ਪ੍ਰਭਾਵਿਤ ਕੀਤਾ ਹੈ। ਫਿਰ ਕਲਾਕਾਰ ਇਸ ਦੀ ਗ੍ਰਿਫਤ ਤੋਂ ਕਿਵੇਂ ਬਚ ਸਕਦਾ ਹੈ। ਬਿਨ੍ਹਾਂ ਸ਼ੱਕ ਕਲਾਕਾਰਾਂ ਦਾ ਰਾਜਨੀਤੀ ਦੇ ਮੈਦਾਨ ਵਿੱਚ ਕੁੱਦਣਾ ਕੋਈ ਅਲੋਕਾਰੀ ਵਰਤਾਰਾ ਨਹੀਂ ਹੈ। ਪਿਛਲੇ ਦੋ ਦਹਾਕਿਆਂ ਤੋਂ ਕਲਾਕਾਰਾਂ ਦਾ ਰਾਜਨੀਤੀ ‘ਚ ਆਉਣਾ ਤੇ ਜਾਣਾ ਬਣਿਆ ਹੋਇਆ ਹੈ। ਬੇਸ਼ੱਕ ਕਲਾਕਾਰ ਇਸ ਖੇਤਰ ਵਿੱਚ ਯੋਗ ਅਗਵਾਈ ਕਰ ਸਕਦੇ ਹਨ, ਪਰ ਜਿਸ ਤਰ੍ਹਾਂ ਦੀ ਗਰਕੀ ਹੋਈ ਰਾਜਨੀਤੀ ਹਿੰਦੁਸਤਾਨ ਵਿੱਚ ਹੋ ਰਹੀ ਹੈ ਉਸ ਤੋਂ ਕਲਾਕਾਰਾਂ ਨੂੰ ਪਾਸੇ ਹੀ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕਲਾ ਦੀ ਪਵਿੱਤਰਤਾ ਬਣੀ ਰਹਿ ਸਕਦੀ ਹੈ।
ਦੂਜੇ ਪਾਸੇ ਅਸੀਂ ਮੀਡੀਆ ਰਾਹੀਂ ਸਿਆਸੀ ਲੋਕਾਂ ਦਾ ਨੰਗੇਜ ਆਏ ਦਿਨ ਤੱਕਦੇ ਰਹਿੰਦੇ ਹਾਂ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਸਿਆਸੀ ਹਿੱਤਾਂ ਖਾਤਰ ਸਿਆਸੀ ਲੋਕ ਦੇਸ਼ ਦੀ ਸੁਰੱਖਿਆ ਤੱਕ ਨੂੰ ਦਾਅ ਤੇ ਲਾਉਣ ਨੂੰ ਮਾਮੂਲੀ ਜਿਹੀ ਗੱਲ ਸਮਝਦੇ ਹਨ। ਦੇਸ਼ ਤੋਂ ਬਾਹਰ ਬੈਠ ਕੇ ਅੱਤਵਾਦੀ ਕਾਰਵਾਈਆਂ ਚਲਾਉਣ ਵਾਲੇ ਲੋਕਾਂ ਨਾਲ ਸਿਆਸੀ ਲੋਕਾਂ ਦੀ ਸਾਂਝ-ਭਿਆਲੀ ਹੁਣ ਕਿਸੇ ਤੋਂ ਛੁਪੀ ਨਹੀਂ ਹੈ। ਇਸ ਤਰ੍ਹਾਂ ਇੰਨ੍ਹਾਂ ਲੋਕਾਂ ਦੀ ਪਛਾਣ ਇੱਕ ਸੁਆਰਥੀ, ਗੁੰਡਾ ਅਨਸਰ, ਮੌਕਾ ਪ੍ਰਸਤ ਅਤੇ ਦੇਸ਼ ਧ੍ਰੋਹੀ ਵਿਅਕਤੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਹੁਣ ਇਹੋ ਜਿਹੇ ਸੜਾਂਦ ਮਾਰਦੇ ਚਿੱਕੜ ‘ਚ ਕੁੱਦਣ ਤੋਂ ਪਹਿਲਾਂ ਕਲਾਕਾਰਾਂ ਨੂੰ ਸੌ ਵਾਰ ਨਹੀਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ।
ਹਰ ਖੇਤਰ ਦੇ ਕਲਾਕਾਰ ਦੀ ਇਮੇਜ ਉਸਦੇ ਪਾਠਕਾਂ, ਸਰੋਤਿਆਂ ਜਾਂ ਦਰਸ਼ਕਾਂ ਵਿੱਚ ਇਮਾਨਦਾਰ, ਸੁਹਿਰਦ ਤੇ ਆਪਣੇ ਖੇਤਰ ‘ਚ ਪ੍ਰਬੀਨ ਵਿਅਕਤੀ ਵਜੋਂ ਬਣੀ ਹੁੰਦੀ ਹੈ। ਦੂਜੇ ਸ਼ਬਦਾਂ ‘ਚ ਉਸਦਾ ਲੋਕਾਂ ‘ਚ ਇੱਜ਼ਤਮਾਣ ਤੇ ਸਤਿਕਾਰ ਹੁੰਦਾ ਹੈ ਤੇ ਇਹ ਇੱਜ਼ਤ ਵਰ੍ਹਿਆਂ ਦੀ ਘਾਲਣਾ ਦੀ ਕਮਾਈ ਹੁੰਦੀ ਹੈ। ਸਾਡੇ ਮਨਾਂ ‘ਚ ਉਹਨਾਂ ਦਾ ਇੱਕ ਵਿਸੇਸ਼ ਰੁਤਬਾ ਬਣ ਜਾਂਦਾ ਹੈ। ਜਦੋਂ ਅਜਿਹੇ ਵਿਸ਼ੇਸ਼ ਰੁਤਬੇ ਵਾਲੇ ਬੰਦੇ ਦਰ-ਦਰ ਜਾ ਕੇ ਵੋਟਾਂ ਦੀ ਭੀਖ ਲਈ ਲੇਲੜੀਆਂ ਕੱਢਦੇ ਹਨ ਤਾਂ ਉਹਨਾਂ ਤੇ ਤਰਸ ਆਉਂਦਾ ਹੈ ਤੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਵੀ ਜਾਂਦੇ ਹਨ। ਸੁਪਰ ਸਟਾਰ ਅਮਿਤਾਬ ਬੱਚਨ ਦੀ ਕਲਾਕਾਰ ਦੇ ਤੌਰ ਤੇ ਬਣੀ ਇਮੇਜ ਨੂੰ ਉਦੋਂ ਬਹੁਤ ਭਾਰੀ ਢਾਹ ਲੱਗੀ ਜਦੋਂ ਉਹ ਰਾਜਨੀਤੀ ਦੇ ਖੇਤਰ ‘ਚ ਲੋਕਾਂ ਦੀਆਂ ਆਸਾਂ ਤੇ ਖਰਾ ਨਾ ਉੱਤਰ ਸਕਿਆ ਤੇ ਰਾਜਨੀਤੀ ਨੂੰ ਅਲਵਿਦਾ ਕਹਿ ਗਿਆ। ਇਹੋ ਹਾਲ ਰਾਜੇਸ਼ ਖੰਨਾ ਦਾ ਵੀ ਹੋਇਆ, ਗੋਬੰਦਾ ਨੇ ਭਾਜਪਾ ਦੇ ਥੰਮ ਰਾਮ ਨਾਇਕ ਨੂੰ ਭਾਵੇਂ ਹਰਾ ਤਾਂ ਦਿੱਤਾ ਪਰ ਲੋਕਾਂ ਦੀਆਂ ਮੰਗਾਂ ਜਾਂ ਲੋੜਾਂ ਵੱਲ ਧਿਆਨ ਨਾ ਦੇ ਸਕਿਆ। ਫਿਲਮਾਂ ਵਿੱਚ ਪਟਰ ਪਟਰ ਬੋਲਣ ਵਾਲਾ ਗੋਬਿੰਦਾ ਸੰਸਦ ‘ਚ ‘ਗੂੰਗਾ ਉੱਠ’ ਹੀ ਸਾਬਿਤ ਹੋਇਆ ਅਤੇ ਆਪਣੇ ਦਰਸ਼ਕਾਂ ਦੇ ਨੱਕੋਂ-ਬੁੱਲੋਂ ਹੀ ਲਹਿ ਗਿਆ। ਇਥੇ ਸਟਾਰ ਕਲਾਕਾਰ ਸੁਨੀਲ ਦੱਤ ਦਾ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ, ਉਹ ਇੱਕ ਅਜਿਹਾ ਕਲਾਕਾਰ ਹੋਇਆ ਹੈ ਜਿਸਨੇ ਰਾਜਨੀਤੀ ‘ਚ ਆਪਣੇ ਸਾਫ ਸੁਥਰੇ ਅਕਸ ਨੂੰ ਆਖੀਰ ਤੱਕ ਕਾਇਮ ਰੱਖਿਆ। ਇਸ ਦੇ ਮੁਕਾਬਲੇ ਤੇ ਧਰਮਿੰਦਰ ਨੇ ਨੇਤਾ ਬਣਨ ਦੀ ਲਾਲਸਾ ‘ਚ ਜਿੱਥੇ ਆਪਣੇ ਵਿਆਹ ਦੀ ਖਿੱਲੀ ਉਡਾਈ ਉੱਥੇ ਸਾਰੇ ਪਰਿਵਾਰ ਦੀ ਤੋਏ-ਤੋਏ ਵੀ ਕਰਵਾਈ। ਬਾਵਜੂਦ ਇਸਦੇ ਉਸਦਾ ਕੱਦ ਕਿਸੇ ਬੌਣੇ ਤੋਂ ਵੀ ਘੱਟ ਹੀ ਨਜ਼ਰ ਆਉਂਦਾ ਹੈ।
ਇਸੇ ਤਰ੍ਹਾਂ ਔਰਤ ਕਲਾਕਾਰਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਹੇਮਾ ਮਾਲਿਨੀ ਨੇ ਤਾਂ ਕੱਟੜ ਹਿੰਦੂ ਫਾਸ਼ੀਵਾਦੀ ਸਿਆਸੀ ਪਾਰਟੀ ਭਾਜਪਾ ‘ਚ ਜਾ ਡੇਰੇ ਲਾਏ ਹਨ। ਇੰਜ ਹੀ ਕਈ ਹੋਰ ਚਿਕਣੀਆਂ-ਚੋਪੜੀਆਂ ਅਕਟਰੈਸਾਂ ਵੱਖ-ਵੱਖ ਸਿਆਸੀ ਪਾਰਟੀਆ ਦੀ ਸਿਆਸੀ ਠਰਕ ਭੋਰ ਰਹੀਆਂ ਹਨ। ਸਿਆਸੀ ਲੋਕ ਅਜਿਹੇ ਕਲਾਕਾਰਾਂ ਨੂੰ ਮਜ਼ਮਾਂ ਲਾਉਣ ਜਾਂ ਭੀੜ ਇਕੱਠੀ ਕਰਨ ਵਾਲੀ ਵਸਤੂ ਹੀ ਸਮਝਦੇ ਹਨ। ਇੱਕ ਤਰ੍ਹਾਂ ਦਾ ਇਹ ਛੁਪਿਆ ਹੋਇਆ ਸਰੀਰਿਕ ਸ਼ੋਸ਼ਣ ਹੀ ਤਾਂ ਹੈ।
ਮੰਨਿਆ ਕਿ ਕੁਝ ਕਲਾਕਾਰਾਂ ਦੀ ਰੋਜੀ ਰੋਟੀ ਹੀ ਕਲਾ ਨਾਲ ਤੁਰਦੀ ਹੈ ਪਰ ਅਜਿਹਾ ਕਿੰਨਾਂ ਕੁ ਚਿਰ ਚੱਲੇਗਾ? ਇਹ ਕਲਾ ਦੀ ਹੱਦ ਦਰਜ਼ੇ ਦੀ ਤੌਹੀਨ ਹੈ। ਵੱਡੇ ਕਲਾਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਸਿਆਸੀ ਪਾਰਟੀ ਦੀ ਕਠਪੁਤਲੀ ਬਣਨ ਜਾ ਰਹੇ ਹਨ। ਉਹ ਨਹੀਂ ਸੋਚਦੇ ਪਾਰਟੀ ਦਾ ਏਜੰਡਾ ਕੀ ਹੈ ਜਾਂ ਗੁਪਤ ਏਜੰਡਾ ਕੀ ਹੈ। ਕੀ ਪਾਰਟੀ ਦਾ ਸਬੰਧ ਅਪਰਾਧੀ ਵਿਅਕਤੀਆਂ ਨਾਲ ਤਾਂ ਨਹੀ? ਪਿਛਲੇ ਸਮੇਂ ‘ਚ ਸੰਜੇ ਦੱਤ ਦੇ ਸਿਆਸੀ ਅਪਰਾਧੀ ਪਿਛੋਕੜ ਵਾਲੇ ਵਿਅਕਤੀਆਂ ਨਾਲ ਸਬੰਧਾਂ ਦੀਆਂ ਗੱਲਾਂ ਸਾਹਮਣੇ ਆਉਣ ਨਾਲ ਦਰਸ਼ਕਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ। ਹੁਣ ਉਹ ਫਿਰ ਰਾਜਨੀਤੀ ‘ਚ ਆਉਣ ਦੀਆਂ ਗੱਲਾਂ ਕਰ ਰਿਹਾ ਹੈ।
ਜਦੋਂ ਬਾਲੀਵੁੱਡ ਦੇ ਕਲਾਕਾਰ ਧੜੱਲੇ ਨਾਲ ਸਿਆਸੀ ਰੋਟੀਆਂ ਸੇਕ ਰਹੇ ਹਨ ਤਾਂ ਪੰਜਾਬੀ ਕਲਾਕਾਰ ਕਿਸਦੀ ਨੂੰਹ-ਧੀ ਨਾਲੋਂ ਘੱਟ ਹਨ? ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੁਲਦੀਪ ਮਾਣਕ ਨੂੰ ਪਤਾ ਨਹੀਂ ਕੀ ਭਰਮ ਪੈਦਾ ਹੋ ਗਿਆ ਸੀ? ਜਦੋਂ ਸਿਆਸੀ ਬਾਜ਼ਾਰ ‘ਚ ਆਟੇ-ਦਾਲ ਦਾ ਭਾਅਪਤਾ ਲੱਗਿਆ ਤਾਂ ਸ਼ਰਮ ਦਾ ਮਾਰਾ ਮਾਣਕ ਕਇ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਿਆ। ਅੱਜ-ਕੱਲ੍ਹ ਸਾਡੇ ਰਾਜ ਗਾਇਕ ਹੰਸ ਰਾਜ ਹੰਸ ਬਾਦਲ ਸਾਹਬ ਦੇ ਹਰ ਸਿਆਸੀ ਜਲਸੇ ‘ਚ ਦੁੰਮ ਹਿਲਾਉਂਦੇ ਫਿਰਦੇ ਨਜ਼ਰ ਆਉਂਦੇ ਹਨ। ਪੰਜਾਬ ਦੇ ਅੰਤਰਰਾਸ਼ਟਰੀ ਪੱਧਰ ਦੇ ਬਹੁਤ ਹੀ ਸੰਜੀਦਾ ਕਲਾਕਾਰ ਗੁਰਦਾਸ ਮਾਨ ਦੀ ਇਹ ਮੱਤ ਹੈ ਕਿ ਕਲਾਕਾਰਾਂ ਨੂੰ ਰਾਜਨੀਤੀ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਕਿਉਂਕਿ ਕਲਾ ਜਦੋਂ ਸਿਆਸਤ ਦੇ ਗਲਿਆਰਿਆਂ ‘ਚ ਚੜ੍ਹਦੀ ਹੈ ਤਾਂ ਉਦੋਂ ਕਲਾ ਕਲਾ ਨਹੀਂ ਰਹਿੰਦੀ ਸਗੋਂ ਸੱਤਾ ਜਾਂ ਸਿਆਸਤ ਦੀ ਰਖੈਲ ਬਣ ਕੇ ਰਹਿ ਜਾਂਦੀ ਹੈ। ਇਸ ਲਈ ਕਲਾ ਨੂੰ ਸਿਰਫ ਕਲਾ ਹੀ ਰਹਿਣ ਦਿਓ ਭਰਾਵੋ!
ਐੱਸ ਬਰਜਿੰਦਰ,
94176 99116
No comments:
Post a Comment